ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ। ਇਹ ਕਥਾ ਜਰੂਰ ਸੁਣੋ ਜੀ ।ਸਲੋਕ ॥ ਮਨ ਇਛਾ ਦਾਨ ਕਰਣੰ ਸਰਬਤ੍ਰ ਆਸਾ ਪੂਰਨਹ ॥ ਖੰਡਣੰ ਕਲਿ ਕਲੇਸਹ ਪ੍ਰਭ ਸਿਮਰਿ ਨਾਨਕ ਨਹ ਦੂਰਣਹ ॥੧॥ ਹਭਿ ਰੰਗ ਮਾਣਹਿ ਜਿਸੁ ਸੰਗਿ ਤੈ ਸਿਉ ਲਾਈਐ ਨੇਹੁ ॥ ਸੋ ਸਹੁ ਬਿੰਦ ਨ ਵਿਸਰਉ ਨਾਨਕ ਜਿਨਿ ਸੁੰਦਰੁ ਰਚਿਆ ਦੇਹੁ ॥੨॥ {ਪੰਨਾ 706}ਮਨ ਇਛਾ = ਮਨ ਦੀ ਚਿਤਵਨੀ ਅਨੁਸਾਰ।
ਦਾਨ ਕਰਣੰ = ਦਾਨ ਦੇਂਦਾ ਹੈ। ਸਰਬਤ੍ਰ = ਹਰ ਥਾਂ। ਕਲਿ = ਝਗੜੇ।੧। ਹਭਿ = ਸਭਿ, ਸਾਰੇ। ਮਾਣਹਿ = ਤੂੰ ਮਾਣਦਾ ਹੈਂ। ਜਿਸੁ ਸੰਗਿ = ਜਿਸ ਦੀ ਬਰਕਤਿ ਨਾਲ। ਤੈ ਸਿਉ = ਉਸ ਨਾਲ। ਬਿੰਦ = ਰਤਾ ਕੁ ਸਮਾ ਭੀ। ਨ ਵਿਸਰਉ = ਭੁੱਲ ਨਾਹ ਜਾਏ {ਵਿਸਰਉ = ਹੁਕਮੀ ਭਵਿੱਖਤ, ਅੰਨ ਪੁਰਖ, ਇਕ-ਵਚਨ}। ਜਿਨਿ = ਜਿਸ ਪ੍ਰਭੂ ਨੇ। ਸੁੰਦਰੁ ਦੇਹੁ = ਸੋਹਣਾ ਜਿਸਮ।
{ਲਫ਼ਜ਼ ‘ਦੇਹੁ’ ਪੁਲਿੰਗ ਵਿਚ ਵਰਤਿਆ ਗਿਆ ਹੈ}।ਅਰਥ: ਹੇ ਨਾਨਕ! ਜੋ ਪ੍ਰਭੂ ਅਸਾਨੂੰ ਮਨ-ਮੰਨੀਆਂ ਦਾਤਾਂ ਦੇਂਦਾ ਹੈ ਜੋ ਸਭ ਥਾਂ (ਸਭ ਜੀਵਾਂ ਦੀਆਂ) ਆਸਾਂ ਪੂਰੀਆਂ ਕਰਦਾ ਹੈ, ਜੋ ਅਸਾਡੇ ਝਗੜੇ ਤੇ ਕਲੇਸ਼ ਨਾਸ ਕਰਨ ਵਾਲਾ ਹੈ ਉਸ ਨੂੰ ਯਾਦ ਕਰ, ਉਹ ਤੈਥੋਂ ਦੂਰ ਨਹੀਂ ਹੈ।੧।ਹੇ ਨਾਨਕ! ਜਿਸ ਪ੍ਰਭੂ ਦੀ ਬਰਕਤਿ ਨਾਲ ਤੂੰ ਸਾਰੀਆਂ ਮੌਜਾਂ ਮਾਣਦਾ ਹੈਂ, ਉਸ ਨਾਲ ਪ੍ਰੀਤ ਜੋੜ। ਜਿਸ ਪ੍ਰਭੂ ਨੇ ਤੇਰਾ ਸੋਹਣਾ ਸਰੀਰ ਬਣਾਇਆ ਹੈ, ਰੱਬ ਕਰ ਕੇ ਉਹ ਤੈਨੂੰ ਕਦੇ ਭੀ ਨਾਹ ਭੁੱਲੇ।੨।ਪਉੜੀ ॥ ਜੀਉ ਪ੍ਰਾਨ ਤਨੁ ਧਨੁ ਦੀਆ ਦੀਨੇ ਰਸ ਭੋਗ ॥
ਗ੍ਰਿਹ ਮੰਦਰ ਰਥ ਅਸੁ ਦੀਏ ਰਚਿ ਭਲੇ ਸੰਜੋਗ ॥ ਸੁਤ ਬਨਿਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ ॥ ਹਰਿ ਸਿਮਰਤ ਤਨੁ ਮਨੁ ਹਰਿਆ ਲਹਿ ਜਾਹਿ ਵਿਜੋਗ ॥ ਸਾਧਸੰਗਿ ਹਰਿ ਗੁਣ ਰਮਹੁ ਬਿਨਸੇ ਸਭਿ ਰੋਗ ॥੩॥ {ਪੰਨਾ 706}ਪਦਅਰਥ: ਜੀਉ = ਜਿੰਦ। ਰਸੁ = ਸੁਆਦਲੇ ਪਦਾਰਥ। ਗ੍ਰਿਹ = ਘਰ। ਮੰਦਰ = ਸੋਹਣੇ ਮਕਾਨ। ਅਸੁ = ਘੋੜੇ {ਸੰਸਕ੍ਰਿਤ ਲਫ਼ਜ਼ ‘ਅਸ੍ਵ’ ਹੈ, ਬਹੁ-ਵਚਨ ਵਿਚ ਭੀ ‘ਅਸੁ’ ਹੀ ਹੈ}। ਸੰਜੋਗ = ਭਾਗ। ਸੁਤ = ਪੁੱਤਰ। ਬਨਿਤਾ = ਇਸਤ੍ਰੀ। ਸਾਜਨ = ਮਿੱਤਰ। ਦੇਵਨ ਜੋਗ = ਜੋ ਦੇਣ ਨੂੰ ਸਮਰੱਥ ਹੈ। ਹਰਿਆ = ਖਿੜਿਆ ਹੋਇਆ। ਵਿਜੋਗ = ਵਿਛੋੜੇ ਦੇ ਦੁੱਖ। ਰਮਹੁ = ਯਾਦ ਰੱਖੋ।
SwagyJatt Is An Indian Online News Portal Website